ਗੁਰਦਾਸ ਮਾਨ ਦੇ ਗੀਤਾ ਵਿੱਚ ਧਾਰਮਿਕ ਚੇਤਨਤਾ}

No replies
Anonymous's picture
Anonymous

ਗੁਰਦਾਸ ਮਾਨ ਦੇ ਗੀਤਾ ਵਿੱਚ ਧਾਰਮਿਕ ਚੇਤਨਤਾ} ਦੋਸਤੋ ਜਿਵੇਂ ਕਿ ਮੈਂ ਆਪਣੇ ਲਿਖੇ ਪਹਿਲੇ ਲੇਖਾਂ ਵਿੱਚ ਵੀ ਚਰਚਾ ਕੀਤੀ ਸੀ ,ਗੁਰਦਾਸ ਮਾਨ ਦਿਆਂ ਗੀਤਾਂ ਦੀਆਂ ਹਵਾਵਾਂ ਵਿੱਚ ਉੱਚ ਕਦਰਾਂ ਕੀਮਤਾਂ ਦੀ ਨਮੀ ਜਰੂਰ ਛੁਪੀ ਹੁੰਦੀ ਹੈ। ਮਾਨ ਸਾਹਬ ਦੇ ਗੀਤਾਂ ਵਿੱਚੋਂ ਕਈ ਪੱਖਾਂ ਨੂੰ ਉਭਾਰਕੇ ਕਈ ਸਮਾਜਕ ਮੁੱਦਿਆ ਤੇ ਰੋਸਨਿ ਪੈ ਸਕਦੀ ਹੈ, ਪਰੰਤੂ ਇੱਥੇ ਮੈ ਗੁਰਦਾਸ ਮਾਨ ਦੇ ਗੀਤਾਂ ਵਿੱਚ ਧਾਰਮਿਕ ਜਾਗਰੂਕਤਾ ਨੂੰ ਆਪਣੇ ਵਿਸ਼ੇ ਦਾ ਅਧਾਰ ਬਣਾਇਆ ਹੈ।ਸਤਿਕਾਰਯੋਗ ਦੋਸਤੋ, ਆਪ ਸਭ ਭਲੀ ਭਾਂਤ ਜਾਣਦੇ ਹੋਂ ਕੇ ਸਾਡੇ ਭਾਰਤੀ ਸਮਾਜ ਵਿੱਚ ਧਰਮ ਦੇ ਨਾਮ ਤੇ ,ਰੱਬ ਦੇ ਨਾਮ ਤੇ ਜਾਂਤਾਂ ਪਾਂਤਾਂ ਦੇ ਨਾਮ ਤੇ ਕਿੰਨੇ ਹੀ ਦੰਗੇ ਫਸਾਦ ਤੇ ਕਤਲੇਆਮ ਹੁੰਦੇ ਹਨ। ਕੋਈ ਆਖਦਾ ਰੱਬ ਇੱਥੇ ਹੈ,ਕੋਈ ਆਖਦਾ ਰੱਬ ਉੱਥੇ ਹੈ,ਤੇ ਜਾਂ ਹਰ ਧਰਮ ਦਾ ਬੰਦਾ ਇਹ ਆਖਦਾ ਕੇ ਰੱਬ ਤਾਂ ਸਾਡੇ ਹੀ ਤੀਰਥ ਸਥਾਨ ਤੇ ਹੈ,ਪਰ ਗੁਰਬਾਣੀ ਵੀ ਸਹੀ ਆਖਦੀ ਹੈ ਕਿ “ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ&; ।ਗੁਰਦਾਸ ਮਾਨ ਜੀ ਨੇ ਆਪਣੇ ਇੱਕ ਬੜੇ ਹੀ ਸੁੰਦਰ ਗੀਤ ‘ਮਸਤੀ ਮਨਾ’ ਵਿੱਚ ਲੋਕਾਂ ਦਾ ਇਹ ਰੌਲਾ ਬਿਆਨ ਕੀਤਾ ਹੈ। ਮਾਨ ਸਾਹਬ ਆਖਦੇ ਨੇ , ‘ਹਿੰਦੂ ਕਹਿੰਦਾ ਮੰਦਰ ਆ ,ਮੁੱਲਾ ਆਖੇ ਮਸਜਿਦ ਜਾ ,ਕਹਿਣ ਇਸਾਈ ਰੋਲਾ ਪਾ,ਸਭ ਤੋਂ ਹੈ ਗਿਰਜਾ ਅੱਛਾ,ਜੋਗੀ ਕਹਿੰਦੇ ਕੰਨ ਪੜਵਾ ਭੇਸ ਵਟਾ ਤੇ ਧੂਣੇ ਲਾ,ਸਾਧੂ ਕਹਿੰਦਾ ਭਗਵੇਂ ਪਾ ,ਰੁੱਖੀ ਸੁੱਖੀ ਮੰਗ ਕੇ ਖਾ, ਕੋਈ ਕਹਿੰਦਾ ਵਾਲ ਵਧਾ,ਕੋਈ ਕਹਿੰਦਾ ਵਾਲ ਕਟਾ, ਜਿੰਨੇ ਰੱਬ ਦੇ ਖੈਰ ਖਵਾਹ ,ਆਪਣੀ ਆਪਣੀ ਦੇਣ ਸਲਾਹ,ਕੁਝ ਕਹਿੰਦੇ ਰੱਬ ਇੱਕੋ ਹੀ ਹੈ, ਕਿਸ ਨੂੰ ਹੈ ਕਿਸ ਦੀ ਪਰਵਾਹ,ਆਪਣੇ ਆਪਣੇ ਲਾਉਂਦੇ ਦਾਅ,ਛੱਡ ਧਰਮਾਂ ਦੇ ਝਗੜੇ ਝੇੜੇ ਨਾਂ ਵਸ ਤੇਰੇ ਨਾਂ ਵਸ ਮੇਰੇ ,ਰੱਬ ਦੇ ਪੇਕੇ ਸਹੁਰੇ ਕਿਹੜੇ, ਤੈਨੂੰ ਕੀ ਪਰਵਾਹ , ‘ਮਸਤੀ ਮਨਾ ਮਹਿਖਾਨਿਆਂ । ਆਪ ਇਹ ਪੂਰਾ ਗੀਤ ਅਗਰ ਸੁਣੋਂ ਤਾਂ ,ਆਪ ਸਭ ਵੀ ਮਹਿਸੂਸ ਕਰੋਂਗੇ ਕਿ ਰੱਬ ਇੱਕ ਹੀ ਹੈ,ਉਸਦੇ ਨਾਮ ਹੀ ਵੱਖ ਵੱਖ ਨੇ,ਬਿਲਕੁਲ ਉਵੇਂ ਦੋਸਤੋ ਜਿਵੇਂ ਪੰਜਾਬੀ ਵਿੱਚ ਕਹਾਂਗੇ ਅਸੀ ਪਾਣੀ, ਅੰਗਰੇਜੀ ਵਿੱਚ ਵਾਟਰ ਤੇ ਹਿੰਦੀ ਵਿੱਚ ਜਲ ,ਪਰ ਹੈ ਤਾਂ ਉਹ ਪਾਣੀ ਹੀ,ਜੋ ਸਭ ਦੀ ਪਿਆਸ ਬੁਝਾਉਦਾਂ , ਹੈ ,ਉਵੇਂ ਰੱਬ ਕਿਤੇ ਰਾਮ ਹੈ ,ਕਿਤੇ ਨਾਨਕ ਹੈ ,ਕਿਤੇ ਗੋਬਿੰਦ ਤੇ ਹੋਰ ਕਈ ਨਾਮ ਪਰ ਹੈ ਉਹੀ ਸਾਡੇ ਸਭ ਦੇ ਸਾਂਹਾਂ ਦਾ ਮਾਲਕ ਪਰਮਾਤਮਾ । ਇਸੇ ਵਿਸ਼ੇ ਬਾਰੇ ਮਾਨ ਸਾਹਬ ਦਾ ਇੱਕ ਹੋਰ ਮਸ਼ਹੂਰ ਗੀਤ ਹੈ ‘ਘਰ ਭੁੱਲਗੀ ਮੋੜ ਤੇ ਆਕੇ ਲੰਮੀ ਸੀਟੀ ਮਾਰ ਮਿੱਤਰਾ”। ਹੁਣ ਸਧਾਰਨ ਸੋਚ ਇਹੋ ਸੋਚੇਗੀ ਕਿ, ਕੋਈ ਕੁੜੀ ਕਿਸੇ ਆਪਣੇ ਆਸ਼ਕ ਨੂੰ ਕਹਿ ਰਹੀ ਹੈ ,ਕੇ ਉਹ ਸੀਟੀ ਮਾਰੇ ,ਕਿਉਂਕਿ ਉਹ ਉਸਦਾ ਘਰ ਭੁੱਲ ਗਈ ਹੈ,ਪਰ ਮਾਨ ਸਾਹਬ ਇਸ ਗੀਤ ਰਾਂਹੀ ਵੀ ਅਰਥ ਚਮਤਕਾਰ ਪੈਦਾ ਕਰ ਰਹੇ ਨੇ । ਗੀਤ ਦੇ ਵਿੱਚ ਮਾਨ ਸਾਹਬ ਇੱਕ ਇਸਤਰੀ ਦੇ ਰੂਪ ਵਿੱਚ ਰੱਬ ਨੂੰ ਬੇਨਤੀ ਕਰ ਰਹੇ ਨੇ ਕਿ, ਮੈ ਤੇਰੀ ਜੀਵ ਇਸਤਰੀ ਉਲਝ ਗਈ ਹਾਂ ,ਕਿ ਤੂੰ ਮੰਦਰ,ਮਸਜਿਦ ਵਿੱਚ ਹੈਂ ਜਾਂ੍‍ ਗੁਰਦੁਆਰੇ ਕਿਉਂਕਿ ਮੰਦਰ ਵਾਲੇ ਮਸਜਿਦ ਢਾਹ ਗਏ,ਤੇ ਮਸਜਿਦ ਵਾਲੇ ਮੰਦਰ , ਹੁਣ ਤੂੰ ਹੀ ਦੱਸਦੇ ਮੇਰੇ ਯਾਰਾ ਆਂਵਾਂ ਕੀਹਦੇ ਅੰਦਰ , ‘ਵੇ ਲੰਮੀ ਸੀਟੀ ਮਾਰ ਮਿੱਤਰਾ ਘਰ ਭੁੱਲਗੀ ਮੋੜ ਤੇ ਆਕੇ । ਭਾਵ ਮੇਰੇ ਰੱਬਾ ਹੁਣ ਤੂੰ ਹੀ ਆਪ ਹੀ ਸੀਟੀ ਮਾਰ ਕੇ ਮੈਨੂੰ ਦੱਸ ਕਿ ਤੇਰਾ ਅਸਲ ਟਿਕਾਣਾ ਇਹਨਾਂ ਸਾਰੇ ਧਾਰਮਿਕ ਤੀਰਥ ਸਥਾਨਾਂ ਵਿੱਚੋਂ ਕਿਹੜਾ ਹੈ ? ਗੁਰਦਾਸ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਜਦ ਧਰਮ ਸਿਆਸਤ ਦੀ ਭੇਟ ਚੜਨ ਲੱਗੇ ਤਾਂ ਉਹ ਹਨ ਕਲਿਆਣਕਾਰੀ ਨਾਂ ਹੋਕੇ ਘਟੀਆ ਸਿਆਸਤਦਾਨਾਂ ਦਾ ਇੱਕ ਜਰੀਆ ਬਣ ਜਾਂਦਾਂ ,ਜਿਸ ਰਾਂਹੀ ਸਿਆਸਤਦਾਨ ਲੋਕਾਂ ਨੂੰ ਧਰਮ ਦੇ ਨਾਮ ਤੇ ਗੁਮਰਾਹ ਕਰਕੇ ਲੜਾਉਂਦੇ ਹਨ ,ਇਸ ਲਈ ਗੁਰਦਾਸ ਮਾਨ ਲੋਕਾਂ ਨੂੰ ਜਾਗਰੂਕ ਕਰਦਿਆਂ ਆਖ ਰਿਹਾ ‘ ਅੱਲਾ ਵਾਲੋ ਰਾਮ ਵਾਲੋ ਆਪਨੇ ਮਜ਼ਹਬ ਕੋ ਸਿਆਸਤ ਸੇ ਬਚਾਲੋ । ਸੋ ਗੁਰਦਾਸ ਮਾਨ ਦੇ ਇਸ ਤਰਾਂ ਦੇ ਅਨੇਕਾ ਹੀ ੳੱਚ ਮਿਆਰੀ ਗੀਤਾਂ ਦੀ ਹੋਰ ਉਦਹਾਰਣ ਦਿੱਤੀ ਜਾ ਸਕਦੀ ਹੈ, ਜੋ ਸਮਾਜ ਨੂੰ ਇਹ ਵਾਰ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ “ ਏਕ ਨੂਰ ਤੇ ਸਭ ਜੱਗ ਉਪਜਿਆ ਕੋਣ ਭਲੇ ,ਕਉ ਮੰਦੇ। ਗੁਰਦਾਸ ਮਾਨ ਕਿੰਨਾ ਮਹਾਨ ਕਲਾਕਾਰ ਹੈ ,ਇਸ ਵਾਸਤੇ ਬਿਆਨ ਕਰਨ ਲਈ ਮੇਰੀ ਸਮਰੱਥਾ ਮੇਰਾ ਸਾਥ ਨਹੀਂ ਦੇ ਰਹੀ ਦੋਸਤੋ। ਇਸ ਵਾਰੀ ਇੰਨਾ ਹੀ ,ਫਿਰ ਆਪਣੀ ਨਿਮਾਣੀ ਜਿਹੀ ਕੋਸ਼ਿਸ਼ ਨਾਲ ਗੁਰਦਾਸ ਮਾਨ ,ਮਾਫ ਕਰਿਉ, ਸੱਚ ਬਾਬਾ ਗੁਰਦਾਸ ਮਾਨ ਜੀ ਦੇ ਬਾਰੇ ,ਉਨਾਂ ਦਿਆ ਗੀਤਾਂ ਬਾਰੇ ਜੋ ਕਿ ਲੋਕ ਗੀਤ ਹੀ ਬਣ ਚੁੱਕੇ ਨੇ ਬਾਰੇ ਕੋਈ ਨਵਾਂ ਪੱਖ ਉਭਾਰਨ ਦੀ ਕੋਸ਼ਿਸ਼ ਕਰਾਂਗੇ,ਪਰ ਮੇਰੇ ਜਿਹਾ ਘੱਟ ਬੁੱਧੀ ਇਨਸਾਨ ਔਖਿਆ ਹੀ ਲਿਖ ਸਕਦੈ,ਐਸੇ ਮਹਾਨ ਗੁਰਦਾਸ ਮਾਨ ਤੇ ,ਇਹ ਲਾਡੀ ਸ਼ਾਹ ਤੇ ਮੁਰਾਦ ਸ਼ਾਹ ਹੁਰਾਂ ਦਾ ਚੇਲੇ ਦੇ ਸਾਰੇ ਹੀ ਪੱਖ ਰੋਸ਼ਨ ਹਨ। ਬਾਕੀ ਸਭ ਨੂੰ ਮੁਬਾਰਕਾਂ ਦੋਸਤੋ, ਸਾਡੇ ਮਾਨ ਸਾਹਬ ਦੋ ਨਵੀਆਂ ਫਿਲਮਾਂ ‘ਸੁਖਮਨੀ ਤੇ ਚੱਕ ਜਵਾਨਾ”ਲੈਕੇ ਆ ਰਹੇ ਨੇ । ਪਰਮਾਤਮਾ ਮਾਂ ਬੋਲੀ ਪੰਜਾਬੀ ਦੇ ਇਸ ਛਿੰਦੇ ਪੁੱਤ ਨੂੰ ਕੌੜੀ ਵੇਲ ਵਾਂਗ ਵਧਾਵੇ । ਤੁਹਾਡਾ ਆਪਣਾ –ਅਕਾਸ਼ ਦੀਪ ਭੀਖੀ {ਪਰੀਤ} ਮੋਬਾਇਲ- 9463374097, 9041270712